ਸੁਰਾਂ ਵਾਲੀ ਤੂੰਬੀ ਦਾ ਸਿਰਜਕ ਹਰਚੰਦ ਸਿੰਘ ਜਾਂਗਪੁਰੀ ਨੂੰ ਯਾਦ ਕਰਦਿਆਂ - ਜਗਤਾਰ ਸਿੰਘ ਹਿੱਸੋਵਾਲ
Post date:
December 02, 2021 (originally at saanjhsamvad.com)
January 20, 2025 (repurposed article on this webiste)
By: Daljot Singh
ਗੋਲ ਦਸਤਾਰ ਸਜਾਉਣ ਅਤੇ ਨਿਹੰਗ ਸਿੰਘਾਂ ਵਾਲਾ ਨੀਲਾ ਬਾਣਾ ਪਹਿਨਣ ਵਾਲੇ ਹਰਚੰਦ ਸਿੰਘ ਜਾਂਗਪੁਰੀ ਨੂੰ ਮੈਂ ਪਿੰਡ ਦੇ ਨਗਰ ਕੀਰਤਨ ਉੱਤੇ ਬਚਪਨ ਤੋਂ ਗਾਉਂਦਿਆਂ ਦੇਖਦਾ ਰਿਹਾ ਹਾਂ। ਉਸ ਨਾਲ ਨਿੱਕੇ-ਨਿੱਕੇ ਬਾਲ ਗਾਉਂਦੇ ਹੁੰਦੇ ਸਨ। ਇਹ ਬੱਚੇ ਹਰ ਸਾਲ ਹੀ ਨਵੇਂ ਹੁੰਦੇ। ਉਦੋਂ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਸੀ। ਫਿਰ ਇਹ ਰਾਜ਼ ਪਤਾ ਲੱਗਿਆ ਕਿ ਜਾਂਗਪੁਰੀ ਨੇ ਸੈਂਕੜੇ ਬੱਚਿਆਂ ਨੂੰ ਸਟੇਜ 'ਤੇ ਖੜ੍ਹਨਾ ਅਤੇ ਬੋਲਣਾ ਸਿਖਾਇਆ। ਸਾਜ਼ਾਂ ਦੀ ਸਿਖਲਾਈ ਦਿੱਤੀ ਅਤੇ ਰਾਗ਼ਾਂ ਵਿੱਚ ਗਾਉਣਾ ਸਿਖਾਇਆ ਹੈ। ਇਸੇ ਕਰਕੇ ਹੀ ਉਸ ਨਾਲ ਹਰ ਸਾਲ ਸੰਗੀਤ ਦੇ ਨਵੇਂ ਵਿਦਿਆਰਥੀ ਹੁੰਦੇ ਸਨ। ਜਦੋਂ ਮੈਂ ਉਸ ਨਾਲ ਜਾਂਗਪੁਰ ਪਿੰਡ ਲਾਗੇ ਆਪਣੇ ਪਲਾਟ ਵਿੱਚ ਬਣਾਈ ਝੁੱਗੀ ਵਿੱਚ ਮੁਲਾਕਾਤ ਕੀਤੀ ਸੀ ਤਾਂ ਬੜੀ ਹੈਰਾਨੀ ਹੋਈ ਕਿ ਉਹ ਨੱਬਿਆਂ ਨੂੰ ਢੁੱਕ ਚੁੱਕਿਆ ਬਾਬਾ ਪੂਰੇ ਉਤਸ਼ਾਹ ਅਤੇ ਜੋਸ਼ ਵਿੱਚ ਸੀ। ਜਾਂਗਪੁਰ ਵਿੱਚ ਭਾਵੇਂ ਉਸ ਦਾ ਭਰਿਆ-ਭਕੁੰਨਿਆ ਘਰ ਸੀ ਪਰ ਉਸ ਦਾ ਕਹਿਣਾ ਸੀ ਕਿ ਉਸ ਨੂੰ 'ਸੰਤ ਮੰਡਲੀ' ਨੇ ਸੰਤ ਦੀ ਪਦਵੀ ਦਿੱਤੀ ਹੈ। ਇਸ ਲਈ ਉਸ ਨੂੰ ਫ਼ਕੀਰੀ ਵੇਸ ਵਿੱਚ ਹੀ ਆਨੰਦ ਮਿਲਦਾ ਹੈ। ਉਹ ਇੱਥੇ ਰਹਿ ਕੇ ਜੜ੍ਹੀਆਂ-ਬੂਟੀਆਂ ਤੋਂ ਦਵਾਈਆਂ ਤਿਆਰ ਕਰਦਾ ਅਤੇ ਲੋੜਵੰਦਾਂ ਨੂੰ ਮੁਫ਼ਤ ਦਿੰਦਾ ਸੀ। ਇੱਥੇ ਹੀ ਉਹ ਆਪਣੇ ਹੱਥੀਂ ਸਾਜ਼ ਤਿਆਰ ਕਰਦਾ ਸੀ। ਇੱਥੇ ਹੀ ਉਸ ਦੇ ਦੇਸ਼-ਵਿਦੇਸ਼ ਵਿੱਚ ਵਸਦੇ ਚੇਲੇ-ਬਾਲਕੇ ਮਿਲਣ ਆਉਂਦੇ ਸਨ। ਹਰਚੰਦ ਸਿੰਘ ਜਾਂਗਪੁਰੀ ਨੇ ਜਿੱਥੇ ਸੰਗੀਤਕ ਸਾਜ਼ ਬਣਾਏ, ਉੱਥੇ ਉਸ ਨੇ ਕਿੱਸੇ, ਗਾਥਾਵਾਂ ਅਤੇ ਗੀਤਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। 'ਸੁਰਾਂ ਵਾਲੀ ਤੂੰਬੀ' ਜਿਸ ਨੂੰ 'ਕਿੰਗ' ਦਾ ਨਾਂ ਦਿੱਤਾ, ਉਸ ਨੇ ਖ਼ੁਦ ਬਣਾਈ। ਪੰਜਾਬੀ ਸੰਗੀਤ ਦੇ ਸਾਜ਼ਾਂ ਵਿੱਚ 'ਸੁਰਾਂ ਵਾਲੀ ਤੂੰਬੀ' ਦਾ ਅਹਿਮ ਰੋਲ ਹੈ, ਜਿਸ ਨੂੰ ਬਣਾਉਣ ਵਾਲਾ ਜਾਂਗਪੁਰੀ ਸੀ। ਇਸ ਤੋਂ ਬਗੈਰ ਪੰਜਾਬੀ ਸੰਗੀਤਕ ਸਾਜ਼ਾਂ ਦੀ ਗਿਣਤੀ ਅਧੂਰੀ ਰਹਿ ਜਾਂਦੀ ਹੈ।
ਜਾਂਗਪੁਰੀ ਦਾ ਜਨਮ ਸੰਨ 1920 ਵਿੱਚ ਮਾਤਾ ਸ੍ਰੀਮਤੀ ਹਰਨਾਮ ਕੌਰ ਦੀ ਕੁੱਖੋਂ ਪਿਤਾ ਸ੍ਰੀ ਨਾਜਰ ਸਿੰਘ ਦੇ ਘਰ ਹੋਇਆ ਸੀ। ਉਸ ਨੇ ਪਿਤਾ ਦੂਜੀ ਵੱਡੀ ਜੰਗ ਵਿੱਚ ਮਲਾਇਆ ਫਰੰਟ 'ਤੇ ਸ਼ਹੀਦ ਹੋ ਗਏ ਸਨ। ਇਸ ਕਰਕੇ ਉਸ ਦਾ ਪਾਲਣ-ਪੋਸ਼ਣ ਨਾਨਕੇ ਪਿੰਡ ਹਲਵਾਰਾ (ਲੁਧਿਆਣਾ) ਵਿੱਚ ਹੋਇਆ। ਇੱਥੇ ਉਸ ਨੇ ਆਪਣੇ ਨਾਨਾ ਜੀ ਰਾਂਝਾ ਸਿੰਘ ਤੋਂ ਬਹੁਤ ਕੁਝ ਸਿੱਖਿਆ। ਉਸ ਦੇ ਨਾਨਾ ਜੀ ਡੱਫ਼ ਨਾਲ ਕੱਵਾਲੀ ਗਾਉਂਦੇ ਸਨ । ਉਹ ਕੋਲ ਬੈਠਾ ਸੁਣਦਾ ਰਹਿੰਦਾ ਸੀ। ਇਸ ਕਰਕੇ ਉਸ ਨੇ ਗਾਇਕੀ ਕੱਵਾਲੀ ਦੀ ਲੈਅ ਤੋਂ ਸ਼ੁਰੂ ਕੀਤੀ ਸੀ। ਹਲਵਾਰਾ ਵਿੱਚ ਚਾਰ ਜਮਾਤਾਂ ਉਰਦੂ ਵਿੱਚ ਕਰਨ ਉਪਰੰਤ ਉਹ ਜਾਂਗਪੁਰ (ਲੁਧਿਆਣਾ) ਪਿੰਡ ਆ ਗਏ। ਇੱਥੇ ਅੱਠਵੀਂ ਪਾਸ ਕੀਤੀ। ਉਸ ਦਾ ਕਹਿਣਾ ਸੀ ਕਿ ਉਦੋਂ ਦੀ ਇਹ ਉਰਦੂ ਭਾਸ਼ਾ ਦੀ ਅੱਠਵੀਂ ਅੱਜ ਦੀ ਐਮ.ਏ. ਦੇ ਬਰਾਬਰ ਹੈ। ਉਸ ਨੂੰ ਗਾਉਣ ਦੀ ਚੇਟਕ ਤਾਂ ਹਲਵਾਰਾ ਵਿੱਚ ਹੀ ਲੱਗ ਗਈ ਸੀ। ਇੱਥੇ ਉਨ੍ਹਾਂ ਨੇ ਕਵੀਸ਼ਰਾਂ, ਜੋ ਤੂੰਬੇ ਅਤੇ ਅਲਗੋਜ਼ਿਆਂ ਨਾਲ ਗਾਇਆ ਕਰਦੇ ਸਨ, ਤੋਂ ਪੁਰਾਤਨ ਗਾਥਾਵਾਂ ਸੁਣੀਆਂ। ਉਸ ਦੇ ਦਿਲ ਉੱਤੇ ਸਭ ਤੋਂ ਵੱਧ ਜਾਦੂ ਮੁਹੰਮਦ ਸਦੀਕ (ਅਣਵੰਡੇ ਹਿੰਦੁਸਤਾਨ ਦਾ ਪ੍ਰਸਿੱਧ ਗਵੱਈਆ) ਦੀ ਗਾਇਕੀ ਨੇ ਧੂੜਿਆ। ਉਹ ਮੁਹੰਮਦ ਸਦੀਕ ਨੂੰ ਘੰਟਿਆਂਬੱਧੀ ਸੁਣਦਾ ਰਹਿੰਦਾ ਸੀ। ਫਿਰ ਉਹ ਆਪ ਵੀ ਗਾਇਕੀ ਵਾਲੇ ਪਾਸੇ ਹੋ ਤੁਰਿਆ। ਉਸ ਨੇ ਤੂੰਬੀ ਚੁੱਕੀ ਅਤੇ ਸ਼ਿੱਦਤ ਨਾਲ ਰਿਆਜ਼ ਕੀਤਾ। ਫ਼ਿਰ ਅਜਿਹੀ ਸੁਰ ਵਿੱਚ ਵਜਾਈ ਕਿ ਪੰਡਤ ਕੇਸ਼ਵਾਨੰਦ ਨੂੰ ਕਹਿਣਾ ਪਿਆ ਕਿ ਇਹ ਮਾਪਿਆਂ ਦਾ ਨਾਂ ਰੌਸ਼ਨ ਕਰੇਗਾ। ਉਸ ਦਾ ਕਹਿਣਾ ਸੀ ਕਿ ਉਸ ਨੇ ਤੂੰਬੀ ਵਜਾਉਣ ਲਈ ਕੋਈ ਉਸਤਾਦ ਨਹੀਂ ਧਾਰਿਆ ਸੀ। ਉਸ ਨੇ ਖ਼ੁਦ ਅਭਿਆਸ ਕੀਤਾ ਤੇ ਉਸ ਦੀ ਰੂਹ ਨਾਲ ਇੱਕ-ਮਿਕ ਹੋ ਗਈ। ਜਾਂਗਪੁਰੀ ਦੀ ਪਹਿਲੀ ਸ਼ਾਦੀ ਤੋਂ 47 ਸਾਲ ਔਲਾਦ ਪੈਦਾ ਨਾ ਹੋਈ। ਉਸ ਦੀ ਦੂਜੀ ਸ਼ਾਦੀ ਤੋਂ 56 ਸਾਲ ਦੀ ਉਮਰ ਵਿੱਚ ਪਹਿਲਾ ਅਤੇ 58 ਸਾਲ ਦੀ ਉਮਰ ਵਿੱਚ ਦੂਜਾ ਬੱਚਾ ਪੈਦਾ ਹੋਇਆ ਸੀ। ਉਸ ਦੇ ਦੋ ਲੜਕੇ ਅਤੇ ਤਿੰਨ ਲੜਕੀਆਂ ਹਨ। ਪਰਿਵਾਰ ਚੰਗਾ ਹੈ। ਜਾਂਗਪੁਰੀ ਆਪਣੀਆਂ ਲਿਖਤਾਂ ਨੂੰ ਹੀ ਗਾਉਂਦਾ ਸੀ। ਸੰਗੀਤਕ ਸਾਜ਼ ਵੀ ਆਪ ਤਿਆਰ ਕਰਦਾ ਸੀ।
'ਸੁਰਾਂ ਵਾਲੀ ਤੂੰਬੀ' ਉਸ ਨੇ ਸੰਨ 1948 ਵਿੱਚ ਤਿਆਰ ਕੀਤੀ ਸੀ। ਇਸ ਵਿੱਚ ਸੋਧਾ-ਸੁਧਾਈ ਕਰਦਿਆਂ ਅੱਠ ਵਰ੍ਹੇ ਲੱਗ ਗਏ ਸਨ। ਫ਼ਿਰ ਜਾ ਕੇ ਇਹ ਮੁਕੰਮਲ ਹੋਈ ਸੀ। ਇਸ ਸਾਜ਼ ਦਾ ਨਾਂ ਉਸਨੇ 'ਕਿੰਗ' ਰੱਖਿਆ ਸੀ। ਇਸ ਦੀ ਪਹਿਲੀ ਵਾਰ ਬੜੇ ਸ਼ੇਰਪੁਰੇ ਬਉਰੀਆਂ ਦੇ ਸਮਾਗਮ ਵਿੱਚ ਅਜ਼ਮਾਇਸ਼ ਕੀਤੀ ਗਈ। ਲੋਕਾਂ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ। ਫ਼ਿਰ ਜਾਂਗਪੁਰੀ ਨੇ ਲੋਕ ਸੰਪਰਕ ਵਿਭਾਗ ਦੇ ਪੋ੍ਰਗਰਾਮਾਂ ਵਿੱਚ ਕਿੰਗ ਨਾਲ ਗਾਉਣਾ ਸ਼ੁਰੂ ਕੀਤਾ ਸੀ।
ਉਸ ਨੇ ਐਲਾਨ ਕੀਤਾ ਹੋਇਆ ਸੀ ਕਿ ਜੇਕਰ ਕੋਈ ਇਹ ਤੂੰਬੀ ਵਜਾ ਸਕੇ ਤਾਂ ਉਸ ਨੂੰ 500 ਰੁਪਏ ਇਨਾਮ ਦੇਵੇਗਾ। ਜੇਕਰ ਸੁਰ ਵਿੱਚ ਵਜਾ ਸਕੇ ਤਾਂ 5000 ਅਤੇ ਜੇ ਰਾਗ਼ਾਂ ਵਿੱਚ ਵਜਾ ਸਕੇ ਤਾਂ 50,000 ਰੁਪਏ ਦੇਵੇਗਾ। ਉਸ ਨੇ ਦੱਸਿਆ ਕਿ ਉਸ ਦੀ ਬਣਾਈ ਕਿੰਗ ਵਿੱਚੋਂ 25,000 ਦੇ ਲਗਪਗ ਧੁਨਾਂ ਨਿਕਲਦੀਆਂ ਹਨ। ਉਸ 'ਤੇ ਸੱਤ ਸੁਰਾਂ ਪੱਕੀਆਂ ਅਤੇ 12 ਸੁਰਾਂ ਕੋਮਲ ਤੀਬਰ ਤਾਂ ਇੱਕੋ ਥਾਂ 'ਤੇ ਹੀ ਵਜਾਈਆਂ ਜਾ ਸਕਦੀਆਂ ਹਨ। ਇਸ ਕਿੰਗ ਨਾਲ ਜਾਂਗਪੁਰੀ ਨੇ ਪੰਜਾਬ, ਹਿਮਾਚਲ, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਗਾ ਕੇ ਚੰਗੀ ਵਾਹਵਾ ਖੱਟੀ। ਉਹ ਜਦੋਂ ਇਸ ਨੂੰ ਵਜਾਉਂਦਾ ਤਾਂ ਲੋਕ ਅਸ਼-ਅਸ਼ ਕਰ ਉੱਠਦੇ। ਹਰਿਆਣਾ ਦੇ ਕਰਨਾਲ ਅਤੇ ਜੀਂਦ ਜ਼ਿਲ੍ਹੇ ਵਿੱਚ ਉਸ ਨੇ ਇੱਕੋ ਸਟੇਜ 'ਤੇ ਦਸ-ਦਸ ਵਾਰ ਪੋ੍ਰਗਰਾਮ ਕੀਤੇ। ਉਸ ਨੇ ਕਦੇ ਵੀ ਅੜ ਕੇ ਪੈਸੇ ਨਹੀਂ ਸਨ ਮੰਗੇ। ਅਸਲੀ ਰੁਜ਼ਗਾਰ ਉਸ ਨੇ ਮਿਹਨਤ ਮਜ਼ਦੂਰੀ ਹੀ ਕੀਤੀ। ਇਸ ਕਲਾ ਨੂੰ ਰੁਜ਼ਗਾਰ ਨਾ ਬਣਾਉਣ ਦੇ ਕਾਰਨ ਹੀ ਉਸ ਨੇ ਰਿਕਾਰਡਿੰਗ ਕਰਵਾਉਣ ਦੀ ਗੱਲ ਨਹੀਂ ਸੋਚੀ ਸੀ। ਸਟੇਜਾਂ ਉੱਤੇ ਉਸ ਦੀ ਬੱਲੇ-ਬੱਲੇ ਸੀ। ਉਹ ਇਸ ਤੋਂ ਹੀ ਸੰਤੁਸ਼ਟ ਸੀ। ਉਸ ਨੇ ਕਿੰਗ ਤੋਂ ਬਗੈਰ ਅਠਾਰਾਂ ਹੋਰ ਸਾਜ਼ ਬਣਾਏ ਸਨ। ਜਿਨ੍ਹਾਂ ਵਿੱਚ ਬੰਸਰੀ, ਆਮ ਬੰਸਰੀ, ਢਾਈ ਪਸਲੀ ਸਰੰਗੀ (ਤਿੰਨ ਸਰਗਮਾਂ ਵਾਲੀ), ਸਦਾ ਸੁਰ, ਬੈਂਜੋ, ਸੁਰਤਾਲ (ਛੇ ਤਾਰਾਂ ਵਾਲੀ), ਦਿਮਾਗੀ ਵਾਇਲਨ, ਸਾਦੀ ਤੂੰਬੀ, ਸੁਰ ਮੰਡਲ, ਸਿਤਾਰ ਅਤੇ ਮੈਂਡੋਲੀਅਨ ਦੇ ਵੱਖ-ਵੱਖ ਰੂਪ ਵਰਣਨਯੋਗ ਹਨ। ਉਹ ਜਦੋਂ ਵੀ ਕਿੰਗ ਤਿਆਰ ਕਰਦਾ, ਉਦੋਂ ਹੀ ਕਿਸੇ ਨਾ ਕਿਸੇ ਪਾਸਿਉਂ ਉਸ ਦੀ ਮੰਗ ਆ ਜਾਂਦੀ ਸੀ। ਉਸ ਦੇ ਕੋਲ ਕਿੰਗ ਮੌਜੂਦ ਨਾ ਹੋਣ ਦੇ ਕਾਰਨ ਮੈਨੂੰ ਵੀ ਉਸ ਵਕ਼ਤ ਕਿੰਗ ਦੇਖਣੀ ਨਸੀਬ ਨਹੀਂ ਹੋਈ ਸੀ। ਜਾਂਗਪੁਰੀ ਨੇ ਦੱਸਿਆ ਸੀ ਕਿ ਸੰਨ 1948 ਤੋਂ 1958 ਤੱਕ ਪੂਰੇ ਦਸ ਸਾਲ ਜਗਤ ਸਿੰਘ ਜੱਗੇ ਅਤੇ ਯਮਲਾ ਜੱਟ ਦੇ ਹੁੰਦਿਆਂ ਲੋਕ ਸੰਪਰਕ ਵਿਭਾਗ ਵਿੱਚ ਗਾਉਣ ਦਾ ਮਾਣ ਪ੍ਰਾਪਤ ਕੀਤਾ। ਉਸ ਨੇ ਆਪਣੀਆਂ ਲਿਖਤਾਂ ਨੂੰ ਹੀ ਸਟੇਜਾਂ 'ਤੇ ਗਾਇਆ । ਉਸ ਨੇ 70-80 ਦੇ ਕਰੀਬ ਇਤਿਹਾਸਕ ਅਤੇ ਮਿਥਿਹਾਸਕ ਪ੍ਰਸੰਗ ਲਿਖੇ। ਉਸ ਨੇ ਦੋ ਹਜ਼ਾਰ ਤੋਂ ਵੱਧ ਸਮਾਜ ਸੁਧਾਰਕ ਗੀਤ ਲਿਖੇ। ਗੁਰਮਤਿ ਇਤਿਹਾਸ ਉੱਤੇ ਦੋ ਸੌ ਦੇ ਕਰੀਬ ਝਾਕੀਆਂ ਲਿਖੀਆਂ ਅਤੇ ਗਾਈਆਂ। ਉਸ ਨੂੰ ਲਿਖਣ ਵਿੱਚ ਇੰਨੀ ਮੁਹਾਰਤ ਸੀ ਕਿ ਉਹ ਖੜ੍ਹੇ ਪੈਰ ਗੀਤ ਲਿਖ ਦਿੰਦਾ ਸੀ। ਉਸ ਦੇ ਮਾਰਸ਼ਲ ਇਨਕਲਾਬੀਆਂ ਦੇ ਪ੍ਰਸੰਗ ਦੀਆਂ ਕੈਸੇਟਾਂ ਢਾਡੀ ਦਰਸ਼ਨ ਸਿੰਘ ਬੱਲ ਅਤੇ ਬਲਦੇਵ ਸਿੰਘ ਬਿੱਲੂ ਵੱਲੋਂ ਰਿਕਾਰਡ ਕਰਵਾਈਆਂ ਗਈਆਂ ਸਨ। ਜੋ 'ਬੱਬਰਾਂ ਦਾ ਚੈਲੰਜ' ਅਤੇ 'ਬੱਬਰਾਂ ਦੇ ਕਾਰਨਾਮੇ' ਦੇ ਸਿਰਲੇਖ ਤਹਿਤ ਸਨ ਜੋ ਢਾਡੀ ਵਾਰਾਂ ਦੇ ਇਤਿਹਾਸ ਵਿੱਚ ਜ਼ਿਕਰਯੋਗ ਹਨ। ਜਾਂਗਪੁਰੀ ਨੇ ਚਾਰ ਸੂਬਿਆਂ ਵਿੱਚ ਸੈਂਕੜੇ ਬੱੱਚਿਆਂ ਨੂੰ ਸੰਗੀਤ ਦੀ ਮੁਫ਼ਤ ਸਿੱਖਿਆ ਦਿੱਤੀ। ਉਸ ਦੇ ਨਾਮਵਰ ਸ਼ਾਗਿਰਦਾਂ ਵਿੱਚ ਇੰਦਰਜੀਤ ਸਿੰਘ ਸ਼ੇਰਪੁਰੀ, ਢਾਡੀ ਬਲਦੇਵ ਸਿੰਘ ਬਿੱਲੂ, ਦਰਬਾਰਾ ਸਿੰਘ ਭਨੋਹੜ, ਗੁਰਦੇਵ ਸਿੰਘ ਸ਼ੇਰਪੁਰੀ, ਜਗਦੀਸ਼ ਸਿੰਘ ਗਹੌਰ, ਇਕਬਾਲ ਸਿੰਘ ਬਰਸਾਲ, ਗੁਰਬਖਸ਼ ਸਿੰਘ ਸਾਧੋਹੇੜੀ, ਜਗਦੇਵ ਸਿੰਘ ਜੱਗਾ, ਇੰਦਰਜੀਤ ਸਿੰਘ ਲੱਖਾ ਅਤੇ ਮੱਘਰ ਸਿੰਘ ਭੌਰਾ ਦੇ ਨਾਮ ਜ਼ਿਕਰਯੋਗ ਹਨ। 'ਕਿੰਗ' ਬਣਾਉਣ ਦਾ ਗੁਰ ਉਸ ਨੇ ਗੁਰਬਖਸ਼ ਸਿੰਘ ਸਾਧੋਹੇੜੀ ਨੂੰ ਦਿੱਤਾ ਸੀ। ਉਸ ਦੇ ਬੱਚਿਆਂ ਵਿੱਚ ਵੱਡਾ ਬੇਟਾ ਇਸ ਦਾ ਸ਼ੌਂਕ ਰੱਖਦਾ ਸੀ ਪਰ ਰੁਝੇਵਿਆਂ ਕਾਰਨ ਗਾਇਨ ਕਲਾ ਨੂੰ ਪੂਰਨ ਰੂਪ ਵਿੱਚ ਅਪਣਾ ਨਹੀਂ ਸਕਿਆ। ਉਸ ਸਮੇਂ ਕਰੀਬ ਛੇ ਕੁ ਮਹੀਨੇ ਪਹਿਲਾਂ ਜਾਂਗਪੁਰੀ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ। 91 ਸਾਲ ਦੀ ਉਮਰ ਵਿੱਚ ਵੀ ਉਸ ਨੇ ਹੌਸਲੇ ਨਾਲ ਇਸ ਬਿਮਾਰੀ ਦਾ ਡੱਟ ਕੇ ਸਾਹਮਣਾ ਕੀਤਾ ਸੀ। ਅਤੇ ਤੰਦਰੁਸਤ ਹੋ ਗਿਆ ਸੀ । ਉਹ ਆਪਣੇ ਸਾਰੇ ਕੰਮ ਆਪ ਕਰਦਾ ਸੀ ਅਤੇ ਉਸਦਾ ਬਾਕੀ ਪਰਿਵਾਰ ਜੱਦੀ ਘਰ ਜਾਂਗਪੁਰ ਵਿੱਚ ਰਹਿੰਦਾ ਸੀ। ਜਾਂਗਪੁਰੀ ਦਾ ਦੇਸ਼ ਭਰ ਵਿੱਚ ਗਿਆਰਾਂ ਥਾਵਾਂ ਉੱਤੇ ਚੰਗਾ ਮਾਣ-ਸਨਮਾਨ ਹੋਇਆ ਸੀ । ਉਹ ਮਾਣ ਨਾਲ ਦੱਸਦਾ ਹੁੰਦਾ ਸੀ ਕਿ ਉਸ ਦਾ ਪਿੰਡ ਪਮਾਲ (ਲੁਧਿਆਣਾ), ਸਰਸਾ (ਹਰਿਆਣਾ) ਅਤੇ ਸੋਢੀਵਾਲ (ਜਗਰਾਉਂ) ਵਿੱਚ ਮੁੰਦਰੀਆਂ ਨਾਲ ਸਨਮਾਨ ਹੋਇਆ ਸੀ। ਬਿਮਾਰੀ ਦੀ ਹਾਲਤ ਵਿੱਚ ਉਸ ਦੇ ਸ਼ਾਗਿਰਦਾਂ ਨੇ ਉਸ ਦੀ ਚੰਗੀ ਮਦਦ ਕਰਦੇ ਰਹੇ ਸਨ। ਉਸ ਦਾ ਕਹਿਣਾ ਸੀ ਕਿ ਹੁਣ ਉਸ ਨੂੰ ਸਾਂਭਣ ਦੀ ਬਜਾਏ ਉਸ ਦੀਆਂ ਲਿਖਤਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ।
ਉਸ ਲਿਖਾਰੀ ਨੂੰ ਕਿੰਨਾ ਦੁੱਖ ਹੁੰਦਾ ਹੈ ਜਦੋਂ ਉਸ ਦੀਆਂ ਅੱਖਾਂ ਸਾਹਮਣੇ ਉਸ ਦੀਆਂ ਜਾਨ ਤੋਂ ਪਿਆਰੀਆਂ ਲਿਖਤਾਂ ਨੂੰ ਸਿਉਂਕ ਖਾ ਰਹੀ ਹੋਵੇ। ਉਸ ਦੇ ਬਿਮਾਰ ਹੋਣ ਨਾਲ ਉਸ ਵੱਲੋਂ ਬਣਾਏ ਜਾ ਰਹੇ ਕਈ ਸਾਜ਼ ਅਧੂਰੇ ਰਹਿ ਗਏ ਸਨ। ਉੱਪਰ ਚੁਬਾਰੇ ਵਿੱਚ ਪਲਾਸਟਿਕ ਦੀਆਂ ਤਾਰਾਂ ਦੇ ਬਣੇ ਗੱਟੂ ਵਿੱਚ ਉਸ ਦੀਆਂ ਲਿਖਤਾਂ ਪਈਆਂ ਸਨ ਜਿਸ ਵਿੱਚ ਇਸ ਮਹਾਨ ਕਲਾਕਾਰ ਦੀ ਰੂਹ ਵਸਦੀ ਸੀ।ਇਹ ਮਹਾਨ ਕਲਾਕਾਰ ਹਰਚੰਦ ਸਿੰਘ ਜਾਂਗਪੁਰੀ 7 ਅਕਤੂਬਰ 2016 ਨੂੰ ਹਮੇਸ਼ਾ ਲਈ ਇਸ ਦੁਨੀਆਂ ਤੋਂ ਚਲਾ ਗਿਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸੱਭਿਆਚਾਰਕ ਮੰਚ ਮੁੱਲਾਂਪੁਰ ਵਿਖੇ ਮਿਤੀ 11 ਦਸੰਬਰ 2021 ਨੂੰ ਸਲਾਨਾ ਸਮਾਗਮ ਵਿੱਚ ਹਰਚੰਦ ਸਿੰਘ ਜਾਂਗਪੁਰੀ ਪੁਰਸਕਾਰ ਅਮਨਦੀਪ ਸਿੰਘ ਦਰਦੀ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ।
— ਜਗਤਾਰ ਸਿੰਘ ਹਿੱਸੋਵਾਲ 9878330324
ਸਾਂਝ ਸੰਵਾਦ ਲਈ ਸੰਪਰਕ saanjhsamvad@gmail.com